ਫਗਵਾੜਾ ਵਿਖੇ ਨਸ਼ਾ ਮੁਕਤੀ ਮੋਰਚੇ ਦੀ VDC ਫੀਡਬੈਕ ਮੀਟਿੰਗ ਸੰਪੰਨ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਫਗਵਾੜਾ।

ਨਸ਼ਾ ਮੁਕਤੀ ਮੋਰਚੇ ਦੀ VDC ਫੀਡਬੈਕ ਮੀਟਿੰਗ ਜ਼ਿਲ੍ਹਾ ਕੋਆਰਡੀਨੇਟਰ ਸੀਮਾ ਰਾਣਾ ਅਤੇ ਜ਼ਿਲ੍ਹਾ ਵਾਈਸ ਕੋਆਰਡੀਨੇਟਰ ਰਜਨੀਸ਼ ਪ੍ਰਭਾਕਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਫਗਵਾੜਾ ਵਿਧਾਨ ਸਭਾ ਹਲਕੇ ਦੇ 91 ਪਿੰਡਾਂ ਅਤੇ 50 ਵਾਰਡਾਂ ਦੇ ਕਨਵੀਨਰਾਂ ਅਤੇ ਐਕਟਿੰਗ ਪ੍ਰਧਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਸਮਾਗਮ ਵਿੱਚ ਹੋਸ਼ਿਆਰਪੁਰ ਦੇ ਮਾਣਯੋਗ ਸੰਸਦ ਮੈਂਬਰ ਅਤੇ ਫਗਵਾੜਾ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਇੰਚਾਰਜ ਅਤਿਨ ਅਗਨੀਹੋਤਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਇਸ ਮੌਕੇ ਫਗਵਾੜਾ ਦੇ ਮੇਅਰ ਰਾਮ ਪਾਲ ਉੱਪਲ, ਦੋਆਬਾ ਬੀ.ਸੀ. ਵਿੰਗ ਇੰਚਾਰਜ ਦਲਜੀਤ ਰਾਜੂ, ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ, ਸੰਗਠਨ ਇੰਚਾਰਜ ਗੁਰਦੀਪ ਦੀਪਾ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਨਵਨੀਤ ਉੱਪਲ, ਹਲਕਾ ਕੋਆਰਡੀਨੇਟਰ ਐੱਸ.ਸੀ. ਵਿੰਗ ਜਸਦੇਵ ਸਿੰਘ, ਵੱਖ-ਵੱਖ ਬਲਾਕ ਪ੍ਰਧਾਨ, ਐੱਮ.ਸੀ. ਵਾਰਡ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚੇ ਦੀ ਟੀਮ ਦੇ ਵਿਧਾਨ ਸਭਾ ਕੋਆਰਡੀਨੇਟਰ ਪ੍ਰੀਤੀ ਸ਼ਰਮਾ, ਬਲਾਕ ਕੋਆਰਡੀਨੇਟਰ ਰਵਿੰਦਰ ਸ਼ੇਰਗਿੱਲ, ਸ਼ਮਸ਼ੇਰ ਸਿੰਘ, ਪ੍ਰਿਆ ਸ਼ਰਮਾ, ਮਨੀ ਜੋਸ਼ੀ, ਨਿਤੇਸ਼ ਪ੍ਰਭਾਕਰ, ਯੋਗੇਸ਼ ਦੁੱਗਲ ਅਤੇ ਬਲਵਿੰਦਰ ਬਿੰਦਾ ਵੀ ਹਾਜ਼ਰ ਰਹੇ।

ਮੀਟਿੰਗ ਵਿੱਚ ਐੱਸ.ਡੀ.ਐੱਮ. ਫਗਵਾੜਾ ਰਣਦੀਪ ਸਿੰਘ ਹੀਰ ਅਤੇ ਐੱਸ.ਪੀ. ਮਾਧਵੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਐੱਸ.ਪੀ. ਮਾਧਵੀ ਸ਼ਰਮਾ ਨੇ ਕਨਵੀਨਰਾਂ ਅਤੇ ਐਕਟਿੰਗ ਪ੍ਰਧਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ ਨਸ਼ਾ ਵਿਰੋਧੀ ਮੁਹਿੰਮ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਆਪਣੇ ਸੰਬੋਧਨ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਸਾਰੇ VDC ਮੈਂਬਰਾਂ ਨੂੰ ਇਸ ਮੁਹਿੰਮ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਵੀ ਕਨਵੀਨਰਾਂ, ਐਕਟਿੰਗ ਪ੍ਰਧਾਨਾਂ ਅਤੇ ਵਰਕਰਾਂ ਨੂੰ ਨਸ਼ਿਆਂ ਖ਼ਿਲਾਫ਼ ਜਨ-ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸ਼ਿਕਾਇਤ ਪੇਟੀਆਂ (Complaint Boxes) ਨਾਲ ਲੈਸ ਵਿਸ਼ੇਸ਼ ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਈ-ਰਿਕਸ਼ੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਣਗੇ। ਪਿੰਡ ਵਾਸੀ ਇਨ੍ਹਾਂ ਸ਼ਿਕਾਇਤ ਪੇਟੀਆਂ ਵਿੱਚ ਨਸ਼ਿਆਂ ਨਾਲ ਸਬੰਧਤ ਗੁਪਤ ਸ਼ਿਕਾਇਤਾਂ ਅਤੇ ਜਾਣਕਾਰੀਆਂ ਪਾ ਸਕਣਗੇ, ਜਿਸ ਨਾਲ ਪ੍ਰਸ਼ਾਸਨ ਨੂੰ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ।

ਜ਼ਿਲ੍ਹਾ ਕੋਆਰਡੀਨੇਟਰ ਸੀਮਾ ਰਾਣਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ VDC ਕਮੇਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ, ਪ੍ਰਸ਼ਾਸਨ ਅਤੇ ਸਥਾਨਕ ਲੀਡਰਸ਼ਿਪ ਦੇ ਸਾਂਝੇ ਯਤਨਾਂ ਸਦਕਾ ਫਗਵਾੜਾ ਖੇਤਰ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਪ੍ਰਭਾਵਸ਼ਾਲੀ ਕਾਬੂ ਪਾਇਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ।

ਮੀਟਿੰਗ ਦੌਰਾਨ VDC ਮੈਂਬਰਾਂ ਤੋਂ ਫੀਡਬੈਕ ਪ੍ਰਾਪਤ ਕੀਤਾ ਗਿਆ ਅਤੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਵਿਰੋਧੀ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ। ਅੰਤ ਵਿੱਚ ਸਾਰੇ ਹਾਜ਼ਰ ਮੈਂਬਰਾਂ ਨੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਇੱਕ ਲੋਕ ਲਹਿਰ ਦਾ ਰੂਪ ਦੇਣ ਦਾ ਸੰਕਲਪ ਲਿਆ।