
Skip to content

ਸਟ੍ਰੇਅ ਡੌਗਸ ਪ੍ਰਤੀ ਵਧ ਰਹੀ ਅਣਮਨੁੱਖੀ ਸੋਚ ਅਤੇ ਸਰਕਾਰੀ ਆਦੇਸ਼ਾਂ ਖ਼ਿਲਾਫ਼ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ
ਫਗਵਾੜਾ, 31 ਮਈ 2026
ਸਟ੍ਰੇਅ ਡੌਗਸ (ਅਵਾਰਾ ਕੁੱਤਿਆਂ) ਅਤੇ ਹੋਰ ਬੇਜ਼ੁਬਾਨ ਜਾਨਵਰਾਂ ਪ੍ਰਤੀ ਵਧ ਰਹੀ ਅਣਮਨੁੱਖੀ ਸੋਚ, ਪਸ਼ੂ ਕਰੂਰਤਾ ਦੀਆਂ ਘਟਨਾਵਾਂ ਅਤੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਸਰਕਾਰੀ ਆਦੇਸ਼ਾਂ ਦੇ ਵਿਰੋਧ ਵਿੱਚ ਅੱਜ ਗੋਲ ਚੌਂਕ, ਫਗਵਾੜਾ ਵਿਖੇ ਇੱਕ ਸ਼ਾਂਤੀਪੂਰਨ ਅਤੇ ਲੋਕਤੰਤਰਿਕ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਫਗਵਾੜਾ, ਜਲੰਧਰ ਅਤੇ ਹੁਸ਼ਿਆਰਪੁਰ ਸਮੇਤ ਵੱਖ-ਵੱਖ ਇਲਾਕਿਆਂ ਤੋਂ ਪਸ਼ੂ ਪ੍ਰੇਮੀ, ਸਮਾਜਿਕ ਕਾਰਕੁਨ ਅਤੇ ਜਾਗਰੂਕ ਨਾਗਰਿਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਸਰਕਾਰੀ ਆਦੇਸ਼ਾਂ ਅਤੇ ਸੋਸ਼ਲ ਮੀਡੀਆ ਬਿਆਨਾਂ ਦਾ ਵਿਰੋਧ
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪਸ਼ੂ ਅਧਿਕਾਰ ਕਾਰਕੁਨ ਪੀਯੂਸ਼ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਾਲੀਆ ਆਦੇਸ਼ ਬੇਜ਼ੁਬਾਨ ਜਾਨਵਰਾਂ ਦੇ ਹਿੱਤ ਵਿੱਚ ਨਹੀਂ ਹਨ, ਸਗੋਂ ਇਹ ਉਨ੍ਹਾਂ ਪ੍ਰਤੀ ਕਰੂਰਤਾ ਨੂੰ ਬੜਾਵਾ ਦੇਣ ਵਾਲੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਆਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ ਅਤੇ ਪਸ਼ੂਆਂ ਪ੍ਰਤੀ ਸੰਵੇਦਨਸ਼ੀਲ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਇਆ ਜਾਵੇ।
ਉਨ੍ਹਾਂ ਸੋਸ਼ਲ ਮੀਡੀਆ ‘ਤੇ ਦਿੱਤੇ ਜਾ ਰਹੇ ਭੜਕਾਊ ਅਤੇ ਨਕਾਰਾਤਮਕ ਜਨਤਕ ਬਿਆਨਾਂ ਦੀ ਵੀ ਸਖ਼ਤ ਨਿਖੇਧੀ ਕੀਤੀ। ਸੋਨੀ ਨੇ ਕਿਹਾ ਕਿ ਅਜਿਹੇ ਬਿਆਨਾਂ ਨਾਲ ਸਮਾਜ ਵਿੱਚ ਜਾਨਵਰਾਂ ਪ੍ਰਤੀ ਨਫ਼ਰਤ ਵਧਦੀ ਹੈ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਹਿੰਸਾ ਅਤੇ ਅੱਤਿਆਚਾਰ ਹੁੰਦੇ ਹਨ। ਉਨ੍ਹਾਂ ਜਨ ਪ੍ਰਤੀਨਿਧਾਂ ਅਤੇ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਅਪੀਲ ਕੀਤੀ।
ਏਬੀਸੀ (ABC) ਨੀਤੀ ਦੀਆਂ ਨਾਕਾਮੀਆਂ ‘ਤੇ ਚੁੱਕੇ ਸਵਾਲ
ਪੀਯੂਸ਼ ਸੋਨੀ ਨੇ ਸਰਕਾਰ ਦੀ ਪਸ਼ੂ ਜਨਮ ਨਿਯੰਤਰਣ (Animal Birth Control – ABC) ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਈ ਥਾਵਾਂ ‘ਤੇ ਇਹ ਪ੍ਰੋਗਰਾਮ ਨਿਗਰਾਨੀ ਦੀ ਕਮੀ, ਸਾਧਨਾਂ ਦੀ ਘਾਟ ਅਤੇ ਭ੍ਰਿਸ਼ਟਾਚਾਰ ਕਾਰਨ ਅਸਫਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਨਸਬੰਦੀ ਪ੍ਰਕਿਰਿਆਵਾਂ, ਜੋ ਕਿ ਪਸ਼ੂਆਂ ਨੂੰ ਬੇਲੋੜੀ ਪੀੜ ਦਿੰਦੀਆਂ ਹਨ, ਦੀ ਬਜਾਏ ਸਰਕਾਰ ਨੂੰ ਵਧੇਰੇ ਸੁਰੱਖਿਅਤ, ਆਧੁਨਿਕ ਅਤੇ ਮਨੁੱਖੀ ਵਿਕਲਪਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਗੁਰੂਆਂ ਦੀ ਪਾਵਨ ਧਰਤੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਅਤੇ ਨੌਲਖਾ ਬਾਗ ਦੀਆਂ ਉਦਾਹਰਨਾਂ ਦਿੱਤੀਆਂ, ਜਿੱਥੇ ਹਮੇਸ਼ਾ ਜੀਵਾਂ ਪ੍ਰਤੀ ਪ੍ਰੇਮ ਅਤੇ ਦਇਆ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਸ਼ੂਆਂ ਨਾਲ ਕਰੂਰਤਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਹੋਰ ਕਾਰਕੁਨਾਂ ਨੇ ਵੀ ਰੱਖੇ ਆਪਣੇ ਵਿਚਾਰ
ਹੁਸ਼ਿਆਰਪੁਰ ਤੋਂ ਪਹੁੰਚੇ ਪਸ਼ੂ ਭਲਾਈ ਕਾਰਕੁਨ ਅਤੇ ਐਨੀਮਲ ਵੈਲਫੇਅਰ ਐਨਜੀਓ ਦੇ ਮੈਂਬਰ ਸ਼ਕਤੀ ਜੀ ਨੇ ਕਿਹਾ ਕਿ ਜਾਨਵਰਾਂ ਪ੍ਰਤੀ ਅਸਹਿਣਸ਼ੀਲਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲਾਂ ਤੋਂ ਨਿਸਵਾਰਥ ਭਾਵ ਨਾਲ ਜ਼ਖਮੀ, ਬੀਮਾਰ ਅਤੇ ਬੇਸਹਾਰਾ ਗਾਵਾਂ ਤੇ ਕੁੱਤਿਆਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀਆਂ ਸਮੱਸਿਆਵਾਂ ਦਾ ਹੱਲ ਆਲੋਚਨਾ ਨਾਲ ਨਹੀਂ, ਸਗੋਂ ਸਮੂਹਿਕ ਸਹਿਯੋਗ ਨਾਲ ਸੰਭਵ ਹੈ।
ਇਸੇ ਦੌਰਾਨ ਅਪਰਾ ਤੋਂ ਪਹੁੰਚੀ ਪਸ਼ੂ ਅਧਿਕਾਰ ਕਾਰਕੁਨ ਬੇਨੀ ਨੇ ਸਮਾਜਿਕ ਚੁਣੌਤੀਆਂ ‘ਤੇ ਗੱਲ ਕਰਦਿਆਂ ਕਿਹਾ ਕਿ ਜਾਨਵਰਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਮਾਜ ਵਿੱਚ ਔਰਤਾਂ ਤੇ ਬੱਚਿਆਂ ਖ਼ਿਲਾਫ਼ ਵਧ ਰਹੇ ਅਪਰਾਧਾਂ ਅਤੇ ਨਸ਼ਾ ਤਸਕਰੀ ਵਰਗੀਆਂ ਗੰਭੀਰ ਸਮੱਸਿਆਵਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਅਸਲ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੀ ਹੋਣੀ ਚਾਹੀਦੀ ਹੈ, ਨਾ ਕਿ ਬੇਜ਼ੁਬਾਨ ਜਾਨਵਰਾਂ ‘ਤੇ ਅੱਤਿਆਚਾਰ ਕਰਨ ਦੀ। ਪ੍ਰਮੁੱਖ ਹਸਤੀਆਂ ਦੀ ਮੌਜੂਦਗੀ ਇਸ ਪ੍ਰਦਰਸ਼ਨ ਵਿੱਚ ਬੇਜ਼ੁਬਾਨ ਜਾਨਵਰਾਂ ਦੇ ਹੱਕਾਂ ਦੀ ਰੱਖਿਆ ਲਈ ਇੱਕਜੁਟਤਾ ਦਿਖਾਉਂਦੇ ਹੋਏ ਵਿਪਿਨ ਗਾਬਾ, ਪੰਡਿਤ ਰਵਿਕਾਂਤ, ਮਨਦੀਪ, ਦੀਪਕ, ਧਰੁਵ, ਰਿੰਕੂ, ਸਿਮਰਨ ਕੌਰ, ਮਨਜਿੰਦਰ ਕੌਰ, ਪਰਮ ਕੌਰ, ਰਿਤੂ, ਕੋਮਲ ਸਮੇਤ ਵੱਡੀ ਸੰਖਿਆ ਵਿੱਚ ਪਸ਼ੂ ਪ੍ਰੇਮੀ ਅਤੇ ਸਮਾਜ ਸੇਵੀ ਮੌਜੂਦ ਸਨ।
Related