
Skip to content

ਫਗਵਾੜਾ ਵਿੱਚ ਬੰਦ ਸਟ੍ਰੀਟ ਲਾਈਟਾਂ ਅਤੇ ਗੈਰ-ਕਾਨੂੰਨੀ ਈ-ਰਿਕਸ਼ਿਆਂ ਖ਼ਿਲਾਫ਼ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਨੇ SDM ਨੂੰ ਸੌਂਪਿਆ ਮੰਗ ਪੱਤਰ
ਫਗਵਾੜਾ, 29 ਮਈ:
ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਅਤੇ ਜਨਹਿਤ ਦੇ ਮੁੱਦਿਆਂ ਨੂੰ ਲੈ ਕੇ ਅੱਜ ‘ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ.) ਫਗਵਾੜਾ’ ਦੇ ਪ੍ਰਧਾਨ ਇੰਦਰਜੀਤ ਸ਼ਰਮਾ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਮਾਨਯੋਗ ਐਸ.ਡੀ.ਐਮ. ਸਾਹਿਬ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲੁਧਿਆਣਾ ਤੋਂ ਜਲੰਧਰ ਮੁੱਖ ਮਾਰਗ ਵੱਲ ਬੱਸ ਸਟੈਂਡ ਦੇ ਬਾਹਰ ਲੱਗੀਆਂ ਸਟ੍ਰੀਟ ਲਾਈਟਾਂ ਰਾਤ ਦੇ ਸਮੇਂ ਬਿਲਕੁਲ ਬੰਦ ਰਹਿੰਦੀਆਂ ਹਨ। ਇਸ ਤੋਂ ਇਲਾਵਾ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਨੂੰ ਜੋੜਨ ਵਾਲਾ ਰਸਤਾ, ਜੋ ਸ਼ੂਗਰ ਮਿੱਲ ਕਾਲੋਨੀ ਵੱਲੋਂ ਨਿਕਲਦਾ ਹੈ, ਉੱਥੇ ਵੀ ਪੂਰੀ ਤਰ੍ਹਾਂ ਹਨੇਰੇ ਦਾ ਸਾਮਰਾਜ ਬਣਿਆ ਰਹਿੰਦਾ ਹੈ। ਰਾਤ ਵੇਲੇ ਹਨੇਰਾ ਹੋਣ ਕਾਰਨ ਯਾਤਰੀਆਂ, ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਰਿਹਾ ਹੈ ਅਤੇ ਕਿਸੇ ਵੀ ਵੇਲੇ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਬਿਨਾਂ ਰਜਿਸਟ੍ਰੇਸ਼ਨ ਅਤੇ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਗੈਰ-ਕਾਨੂੰਨੀ ਈ-ਰਿਕਸ਼ਿਆਂ ਦਾ ਮੁੱਦਾ ਵੀ ਬੜੀ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਰਿਕਸ਼ਾ ਅੰਡਰ-18 (ਨਾਬਾਲਗ) ਬੱਚਿਆਂ ਵੱਲੋਂ ਚਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਸਮਝ ਨਹੀਂ ਹੈ। ਇਸ ਕਾਰਨ ਸ਼ਹਿਰ ਵਿੱਚ ਰੋਜ਼ਾਨਾ ਭਾਰੀ ਜਾਮ ਲੱਗ ਰਿਹਾ ਹੈ ਅਤੇ ਸੜਕ ਹਾਦਸੇ ਵਾਪਰ ਰਹੇ ਹਨ। ਨੰਬਰ ਪਲੇਟ ਨਾ ਹੋਣ ਕਾਰਨ ਹਾਦਸਾ ਕਰਕੇ ਭੱਜਣ ਵਾਲੇ ਵਾਹਨਾਂ ਦੀ ਪਛਾਣ ਕਰਨਾ ਵੀ ਨਾਮੁਮਕਿਨ ਹੋ ਜਾਂਦਾ ਹੈ।
ਐਸੋਸੀਏਸ਼ਨ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ:
ਬੱਸ ਸਟੈਂਡ ਦੇ ਬਾਹਰ ਅਤੇ ਸ਼ੂਗਰ ਮਿੱਲ ਕਾਲੋਨੀ ਰਸਤੇ ਦੀਆਂ ਸਟ੍ਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ।
ਬਿਨਾਂ ਨੰਬਰ ਅਤੇ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਈ-ਰਿਕਸ਼ਾ ਵਾਹਨਾਂ ਨੂੰ ਜ਼ਬਤ ਕਰਕੇ ਕਾਨੂੰਨੀ ਦਾਇਰੇ ਵਿੱਚ ਲਿਆਂਦਾ ਜਾਵੇ।
ਨਾਬਾਲਗ ਬੱਚਿਆਂ ਵੱਲੋਂ ਈ-ਰਿਕਸ਼ਾ ਚਲਾਉਣ ‘ਤੇ ਮੁਕੰਮਲ ਰੋਕ ਲਗਾਈ ਜਾਵੇ।
ਐਸ.ਡੀ.ਐਮ. ਸਾਹਿਬ ਨੇ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਜਨਹਿਤ ਅਤੇ ਸ਼ਹਿਰ ਦੀ ਸੁਰੱਖਿਆ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਵਿਭਾਗਾਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣਗੇ।
ਇਸ ਮੌਕੇ ਹਾਜ਼ਰ ਅਹੁਦੇਦਾਰ:
ਇਸ ਮੌਕੇ ਮੰਗ ਪੱਤਰ ਸੌਂਪਣ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਆਸ਼ੀਸ਼ ਸ਼ਰਮਾ,ਪੀ.ਆਰ.ਓ. ਭੁਪਿੰਦਰ ਸਿੰਘ, ਜਨਰਲ ਸਕੱਤਰ ਵਿਕਾਸ ਚੰਚਲ, , ਜਤਿੰਦਰ ਕੁਮਾਰ (ਕੈਮਰਾਮੈਨ), ਪੀਯੂਸ਼ ਸੋਨੀ ਅਤੇ ਪ੍ਰੈਸ ਐਸੋਸੀਏਸ਼ਨ ਦੇ ਹੋਰ ਮੈਂਬਰ ਤੇ ਪੱਤਰਕਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Related