ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਆਰੋਪੀਆਂ ਨੇ ਮਨੀ ਲਾਂਡਰਿੰਗ ਲਈ IDFC First Bank ਦੇ APMC ਖਾਤਿਆਂ ਦੀ ਵਰਤੋਂ ਕੀਤੀ, ਤਾਂ ਜੋ ਵਿੱਤੀ ਲੈਣ-ਦੇਣ ਦੀ ਪਛਾਣ ਕਰਨਾ ਮੁਸ਼ਕਲ ਬਣਾਇਆ ਜਾ ਸਕੇ। ED ਨੂੰ ਮਿਲੇ ਕੁਝ ਅਹਿਮ ਇਨਪੁੱਟਾਂ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।

ਲੰਬੀ ਜਾਂਚ ਤੋਂ ਬਾਅਦ ED ਨੇ ਫਰਜ਼ੀ ਬਿਲਿੰਗ ਅਤੇ GST ਚੋਰੀ ਦੇ ਇਸ ਮਾਮਲੇ ਵਿੱਚ ਮੰਡੀ ਗੋਬਿੰਦਗੜ੍ਹ ਦੇ ਪੰਜ ਨਾਮਜ਼ਦ ਆਰੋਪੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਜਮਾਲਪੁਰ, ਲੁਧਿਆਣਾ ਵਿੱਚ FIR ਦਰਜ ਕਰਵਾਈ ਹੈ। ਇਹ ਸ਼ਿਕਾਇਤ ED ਦੇ ਦਿੱਲੀ ਦਫ਼ਤਰ ਵਿੱਚ ਤੈਨਾਤ ਡਿਪਟੀ ਡਾਇਰੈਕਟਰ ਸੂਰਜ ਕੁਮਾਰ ਯਾਦਵ ਵੱਲੋਂ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ, ਇਸ ਮਾਮਲੇ ਵਿੱਚ ਕੁਝ ਬੈਂਕ ਅਧਿਕਾਰੀਆਂ ਅਤੇ ਚਾਰਟਰਡ ਅਕਾਊਂਟੈਂਟਸ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ। ED ਵੱਲੋਂ ਉਨ੍ਹਾਂ ਦੇ ਲੈਣ-ਦੇਣ ਅਤੇ ਸੰਬੰਧਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਵਿੱਚ ਫਰਜ਼ੀ ਕੰਪਨੀਆਂ ਰਾਹੀਂ GST ਚੋਰੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ। GST ਵਿਭਾਗ, CGST, CBI ਸਮੇਤ ਕਈ ਜਾਂਚ ਏਜੰਸੀਆਂ ਇੱਥੇ ਫਰਜ਼ੀ ਫਰਮਾਂ ਅਤੇ ਜਾਲੀ ਬਿਲਿੰਗ ਦੇ ਰੈਕਟਾਂ ਦਾ ਪਰਦਾਫਾਸ਼ ਕਰ ਚੁੱਕੀਆਂ ਹਨ।
ਇਸ ਮਾਮਲੇ ਵਿੱਚ ED ਦੀ ਦਿੱਲੀ ਟੀਮ ਨੇ ਗੁਪਤ ਤਰੀਕੇ ਨਾਲ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਡਿਜ਼ੀਟਲ ਸਬੂਤ ਇਕੱਠੇ ਕੀਤੇ। ਜਾਂਚ ਦੌਰਾਨ ਫਰਜ਼ੀ ਕੰਪਨੀਆਂ ਦੇ ਮਾਲਕਾਂ ਦੀ ਪਛਾਣ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਫਿਲਹਾਲ ED ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

