ਜਲੰਧਰ : ਦੁਨੀਆ ਭਰ ਵਿੱਚ ਵੱਧ ਰਹੀਆਂ ਜੰਗਾਂ, ਅੱਤਵਾਦ, ਨਫਰਤ ਅਤੇ ਅਸ਼ਾਂਤੀ ਪ੍ਰਤੀ ਗੰਭੀਰ ਚਿੰਤਾ ਜਤਾਉਂਦੇ ਹੋਏ ਲੱਖਾ ਸਿੰਘ ਸਾਬਕਾ ਮੈਂਬਰ ਕਮਿਸ਼ਨ ਪੰਜਾਬ ਸਰਕਾਰ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਜੀ ਰਹੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਵਿੱਚ ਟਕਰਾਅ, ਹਿੰਸਾ ਅਤੇ ਬੇਗੁਨਾਹ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜੋ ਮਨੁੱਖਤਾ ਲਈ ਬਹੁਤ ਚਿੰਤਾਜਨਕ ਹਨ।

ਉਹਨਾਂ ਕਿਹਾ ਕਿ ਜੇਕਰ ਸੰਸਾਰ ਨੂੰ ਸੱਚਮੁੱਚ ਸ਼ਾਂਤੀ ਦੇ ਰਾਹ ਉੱਤੇ ਲਿਆਉਣਾ ਹੈ ਤਾਂ ਸਭ ਤੋਂ ਪਹਿਲਾਂ ਮਨੁੱਖ ਨੂੰ ਮਨੁੱਖ ਸਮਝਣ ਦੀ ਸੋਚ ਪੈਦਾ ਕਰਨੀ ਪਵੇਗੀ। ਜਦ ਤੱਕ ਜਾਤ-ਪਾਤ, ਧਰਮ, ਰੰਗ ਅਤੇ ਭਾਸ਼ਾ ਦੇ ਨਾਂ ‘ਤੇ ਲੋਕਾਂ ਵਿੱਚ ਵੰਡ ਪਾਈ ਜਾਂਦੀ ਰਹੇਗੀ, ਤਦ ਤੱਕ ਦੁਨੀਆ ਵਿੱਚ ਪੂਰਨ ਸ਼ਾਂਤੀ ਸੰਭਵ ਨਹੀਂ ਹੋ ਸਕਦੀ।

ਲੱਖਾ ਸਿੰਘ ਨੇ ਕਿਹਾ ਕਿ ਅੱਜ ਕਈ ਦੇਸ਼ ਹਥਿਆਰਾਂ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਉਹੀ ਧਨ ਗਰੀਬ ਲੋਕਾਂ ਦੀ ਭਲਾਈ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਉੱਤੇ ਖਰਚ ਕੀਤਾ ਜਾਵੇ ਤਾਂ ਕਈ ਵੱਡੀਆਂ ਸਮੱਸਿਆਵਾਂ ਦਾ ਹੱਲ ਨਿਕਲ ਸਕਦਾ ਹੈ। ਜੰਗਾਂ ਕਦੇ ਵੀ ਕਿਸੇ ਸਮੱਸਿਆ ਦਾ ਪੱਕਾ ਹੱਲ ਨਹੀਂ ਹੁੰਦੀਆਂ, ਸਗੋਂ ਇਹ ਮਨੁੱਖਤਾ ਨੂੰ ਹੋਰ ਵੱਡੇ ਸੰਕਟਾਂ ਵੱਲ ਧੱਕ ਦਿੰਦੀਆਂ ਹਨ। ਜਿੱਥੇ ਜੰਗ ਹੁੰਦੀ ਹੈ ਉੱਥੇ ਵਿਕਾਸ ਰੁਕ ਜਾਂਦਾ ਹੈ, ਬੱਚਿਆਂ ਦਾ ਭਵਿੱਖ ਅੰਧਕਾਰਮਈ ਹੋ ਜਾਂਦਾ ਹੈ ਅਤੇ ਹਜ਼ਾਰਾਂ ਪਰਿਵਾਰ ਤਬਾਹ ਹੋ ਜਾਂਦੇ ਹਨ।

ਉਹਨਾਂ ਕਿਹਾ ਕਿ ਸੰਸਾਰ ਵਿੱਚ ਸ਼ਾਂਤੀ ਲਿਆਉਣ ਲਈ ਸਭ ਤੋਂ ਵੱਡੀ ਲੋੜ ਚੰਗੀ ਸਿੱਖਿਆ ਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ, ਸਗੋਂ ਮਨੁੱਖਤਾ, ਭਾਈਚਾਰੇ, ਸਹਿਣਸ਼ੀਲਤਾ ਅਤੇ ਇੱਕ ਦੂਜੇ ਦਾ ਸਤਿਕਾਰ ਕਰਨ ਦੀ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਸੰਸਕਾਰ ਮਿਲਣਗੇ ਤਾਂ ਉਹ ਵੱਡੇ ਹੋ ਕੇ ਨਫਰਤ ਨਹੀਂ, ਸਗੋਂ ਪਿਆਰ ਅਤੇ ਅਮਨ ਦਾ ਰਾਹ ਚੁਣਣਗੇ।

ਲੱਖਾ ਸਿੰਘ ਨੇ ਕਿਹਾ ਕਿ ਗਰੀਬੀ, ਬੇਰੁਜ਼ਗਾਰੀ ਅਤੇ ਅਨਿਆਂ ਵੀ ਅਸ਼ਾਂਤੀ ਦੇ ਵੱਡੇ ਕਾਰਨ ਹਨ। ਜਿੱਥੇ ਲੋਕਾਂ ਨੂੰ ਰੋਟੀ, ਕੱਪੜਾ, ਮਕਾਨ, ਸਿੱਖਿਆ ਅਤੇ ਇਲਾਜ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ, ਉੱਥੇ ਨਫਰਤ ਅਤੇ ਅਸੰਤੋਸ਼ ਵੱਧਦਾ ਹੈ। ਇਸ ਲਈ ਹਰ ਸਰਕਾਰ ਅਤੇ ਸੰਸਾਰਕ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਭਲਾਈ ਲਈ ਕੰਮ ਕਰੇ ਅਤੇ ਦੁਨੀਆ ਵਿੱਚ ਅਮਨ ਤੇ ਭਾਈਚਾਰੇ ਦਾ ਮਾਹੌਲ ਬਣਾਇਆ ਜਾਵੇ।