
Skip to content

ਰਾਸ਼ਟਰਪਤੀ ਦ੍ਰੋਪਦੀ ਮੁਰਮੂ 19 ਤੋਂ 25 ਜੁਲਾਈ ਤੱਕ ਮੋਲਡੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਸਰਕਾਰੀ ਦੌਰੇ ‘ਤੇ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਰਾਸ਼ਟਰਪਤੀ ਦ੍ਰੋਪਦੀ ਮੁਰਮੂ 19 ਤੋਂ 25 ਜੁਲਾਈ ਤੱਕ ਮੋਲਡੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ ‘ਤੇ ਜਾਣਗੇ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਦੌਰੇ ਦਾ ਮੁੱਖ ਉਦੇਸ਼ ਤਿੰਨਾਂ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਿਆਸੀ, ਆਰਥਿਕ ਤੇ ਵਪਾਰਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣਾ ਹੈ।
ਰਾਸ਼ਟਰਪਤੀ ਮੁਰਮੂ 20 ਜੁਲਾਈ ਨੂੰ ਮੋਲਡੋਵਾ ਦੀ ਰਾਸ਼ਟਰਪਤੀ ਮਾਈਆ ਸੈਂਡੂ ਦੇ ਸੱਦੇ ‘ਤੇ ਉੱਥੇ ਪਹੁੰਚਣਗੇ। ਇਹ ਕਿਸੇ ਵੀ ਭਾਰਤੀ ਰਾਸ਼ਟਰਪਤੀ ਦਾ ਮੋਲਡੋਵਾ ਦਾ ਪਹਿਲਾ ਸਰਕਾਰੀ ਦੌਰਾ ਹੋਵੇਗਾ। ਦੌਰੇ ਦੌਰਾਨ ਉਹ ਰਾਸ਼ਟਰਪਤੀ ਮਾਈਆ ਸੈਂਡੂ ਨਾਲ ਦੁਵੱਲੀ ਅਤੇ ਵਫ਼ਦ ਪੱਧਰੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਮੋਲਡੋਵਾ ਦੀ ਸੰਸਦ ਦੇ ਸਪੀਕਰ ਇਗੋਰ ਗ੍ਰੋਸੂ ਨਾਲ ਵੀ ਮੁਲਾਕਾਤ ਕਰਨਗੇ।
ਮੁਰਮੂ ਮੋਲਡੋਵਾ-ਭਾਰਤ ਸੰਸਦੀ ਦੋਸਤੀ ਸਮੂਹ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਇੱਕ ਵਪਾਰਕ ਮੰਚ ਨੂੰ ਸੰਬੋਧਨ ਕਰਨਗੇ ਅਤੇ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਵੀ ਮਿਲਣਗੇ।
ਇਸ ਤੋਂ ਬਾਅਦ ਰਾਸ਼ਟਰਪਤੀ 21 ਅਤੇ 22 ਜੁਲਾਈ ਨੂੰ ਉੱਤਰੀ ਮੈਸੇਡੋਨੀਆ ਦੀ ਰਾਸ਼ਟਰਪਤੀ ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਦੇ ਸੱਦੇ ‘ਤੇ ਉੱਥੇ ਦਾ ਦੌਰਾ ਕਰਨਗੇ। ਇਹ ਵੀ ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਪਹਿਲਾ ਸਰਕਾਰੀ ਦੌਰਾ ਹੋਵੇਗਾ, ਜਿਸ ਨੂੰ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਦੌਰੇ ਦੇ ਆਖਰੀ ਪੜਾਅ ਵਿੱਚ ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਜਾਣਗੇ, ਜਿੱਥੇ ਉਹ ਰਾਸ਼ਟਰਪਤੀ ਨਿਕੁਸਰ ਡੈਨ ਨਾਲ ਮੁਲਾਕਾਤ ਕਰਨਗੇ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਕਿਸੇ ਭਾਰਤੀ ਰਾਸ਼ਟਰਪਤੀ ਦਾ ਰੋਮਾਨੀਆ ਦੌਰਾ ਹੋ ਰਿਹਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਤਿੰਨੋਂ ਦੌਰੇ ਭਾਰਤ ਦੀ ਉਸ ਵਿਦੇਸ਼ ਨੀਤੀ ਨੂੰ ਦਰਸਾਉਂਦੇ ਹਨ, ਜਿਸ ਤਹਿਤ ਯੂਰਪੀ ਦੇਸ਼ਾਂ ਨਾਲ ਰਣਨੀਤਕ, ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

Related