ਜਲੰਧਰ (ਪਰਮਜੀਤ ਸਿੰਘ ਨੈਨਾ) – ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰਮਤਿ ਸਿੱਖਿਆ ਸਭਾ ਵਲੋਂ ਮਹੀਨਾਵਾਰੀ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ। ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਗੁਰਬਾਣੀ ਕੀਰਤਨ, ਲੈਕਚਰ ਅਤੇ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਐਜੁਕੈਸ਼ਨਲ ਵੈਲਫੇਅਰ ਅਕੈਡਮੀ ਦੇ ਸਹਿਯੋਗ ਨਾਲ ਹਰ ਮਹੀਨੇ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਸਭਾ ਦੇ ਕਨਵੀਨਰ ਅਕਾਲੀ ਰਛਪਾਲ ਸਿੰਘ ਅਤੇ ਸੀ.ਏ. ਜਸਮੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਸਹਿਯੋਗ ਨਾਲ ਹਰ ਐਤਵਾਰ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਵਿੱਚ ਸ੍ਰ ਰਵਿੰਦਰ ਸਿੰਘ ਜੀ ਅਤੇ ਗੁਰਵਿੰਦਰ ਸਿੰਘ ਜੀ ਆਪਣੇ ਸਹਿਯੋਗੀਆਂ ਨਾਲ ਮਿੱਲ ਕੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਤੋਂ ਇਲਾਵਾ ਹਾਰਮੋਨੀਅਮ ਅਤੇ ਤਬਲੇ ਦੀ ਸਿਖਲਾਈ ਵੀ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਸੰਬੋਧਨ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਗੁਰਮਤਿ ਸਿੱਖਿਆ ਸਭਾ ਵਲੋਂ ਸਿੱਖੀ ਦੀ ਪੁੰਗਰਦੀ ਪਨੀਰੀ ਨੂੰ ਸੇਵਾ, ਸਿਮਰਨ ਅਤੇ ਧਰਮ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸੇ ਉਪਰਾਲੇ ਕਰ ਗੁਰਦੁਆਰਾ ਸਾਹਿਬ ਵਿਖੇ ਲਾਜ਼ਮੀ ਹੋਣਾ ਚਾਹੀਦੇ ਹਨ। ਕਨਵੀਨਰ ਅਕਾਲੀ ਰਛਪਾਲ ਸਿੰਘ, ਸੀ.ਏ. ਜਸਮੀਤ ਸਿੰਘ, ਹੈਂਡ ਗ੍ਰੰਥੀ ਗਿਆਨੀ ਤਰਸੇਮ ਸਿੰਘ ਜੀ, ਗੁਰਜਿੰਦਰ ਸਿੰਘ ਚੰਬਾ, ਕੁਲਵਿੰਦਰ ਸਿੰਘ, ਮਨਮੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦਾ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ। ਅੱਜ ਦੀ ਸਮਾਗਮ ਵਿੱਚ ਗੁਰੂ ਸਾਹਿਬ ਦੇ ਤਾਬਿਆ ਬੈਠਣ ਦੀ ਸੇਵਾ ਤੋਂ ਲੈ ਕੇ ਚੌਰ ਸਾਹਿਬ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਦੀ ਸੇਵਾ ਵੀ ਬੱਚਿਆਂ ਨੇ ਨਿਭਾਈ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।