ਰਿਪੋਰਟ: ਅਮਿਤ ਨਖਵਾਲ

ਤਰਨ ਤਾਰਨ: ਤਰਨ ਤਾਰਨ ਦੇ ਪਿੰਡ ਪਿੱਦੀ ਨਾਲ ਸਬੰਧਤ 24 ਸਾਲਾ ਕਿਰਨ ਦੀਪ ਕੌਰ ਦੀ ਇੰਗਲੈਂਡ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਨ ਦੀਪ ਕੌਰ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਇੰਗਲੈਂਡ ਦੇ ਹੇਜ਼ ਸ਼ਹਿਰ ਗਈ ਸੀ ਅਤੇ ਜਲਦ ਹੀ ਉਸ ਨੂੰ ਵਰਕ ਪਰਮਿਟ ਮਿਲਣ ਵਾਲਾ ਸੀ।

ਪਰਿਵਾਰ ਅਨੁਸਾਰ, ਘਟਨਾ ਵਾਲੇ ਦਿਨ ਕਿਰਨ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ। ਇਸ ਦੌਰਾਨ ਇੱਕ ਗੋਰਾ ਵਿਅਕਤੀ ਘਰ ਵਿੱਚ ਦਾਖ਼ਲ ਹੋ ਗਿਆ ਅਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਕਿਰਨ ਦੀਪ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ ਸੀ, ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਅੱਜ ਮਿਲੀ। ਉਨ੍ਹਾਂ ਮੁਤਾਬਕ ਇੰਗਲੈਂਡ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਦੁੱਖੀ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਕਿਰਨ ਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ।