ਜਲੰਧਰ (ਪਰਦੀਪ ਕੰਗ) : ਜਦੋਂ ਕੁਦਰਤ ਆਪਣੇ ਕਹਿਰ ਰਾਹੀਂ ਇਨਸਾਨੀਅਤ ਦੀ ਕਸੌਟੀ ਲੈਂਦੀ ਹੈ, ਤਦੋਂ ਕੁਝ ਐਸੇ ਹੌਂਸਲੇ ਵਾਲੇ ਹਥ ਵਧਦੇ ਹਨ ਜੋ ਦੁਖਾਂ ਦੇ ਹਨੇਰੇ ਵਿੱਚ ਉਮੀਦ ਦੀ ਰੌਸ਼ਨੀ ਬਣ ਕੇ ਉਭਰਦੇ ਹਨ। ਅਜਿਹੀ ਹੀ ਇਕ ਰੌਸ਼ਨੀ ਬਣ ਕੇ ਉਭਰੇ ਹਨ “ਤੇਰਾ ਤੇਰਾ ਹੱਟੀ” ਅਤੇ ਉਨ੍ਹਾਂ ਦੀ ਸਮਰਪਿਤ ਟੀਮ, ਜਿਨ੍ਹਾਂ ਨੇ ਪੰਜਾਬ ਵਿੱਚ ਆ ਰਹੀਆਂ ਭਾਰੀ ਬਾਰਸ਼ਾਂ ਅਤੇ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਮਦਦ ਲਈ ਇਨਸਾਨੀਅਤ ਦਾ ਨਮੂਨਾ ਪੇਸ਼ ਕੀਤਾ ਹੈ।ਇਸ ਮੁਸ਼ਕਲ ਘੜੀ ਵਿੱਚ, ਜਦੋਂ ਦਰਿਆ ਓਵਰਫਲੋ ਹੋ ਕੇ ਪਿੰਡਾਂ-ਪੰਡਾਂ ਵਿੱਚ ਤਬਾਹੀ ਲਿਆ ਰਹੇ ਹਨ, ਤੇਰਾ ਤੇਰਾ ਹੱਟੀ ਨੇ ਆਪਣੇ ਦਿਲੋਂ-ਜਾਨ ਨਾਲ ਮਦਦ ਦਾ ਹੱਥ ਵਧਾਇਆ ਹੈ। ਭੋਜਨ, ਦਵਾਈਆਂ, ਜਰੂਰੀ ਸਾਮਾਨ ਅਤੇ ਰਾਹਤ ਸਮੱਗਰੀ ਲੈ ਕੇ ਇਹ ਟੀਮ ਮੋਕੇ ਦੀ ਥਾਂ ਉੱਤੇ ਪਹੁੰਚ ਰਹੀ ਹੈ, ਜਿਥੇ ਜ਼ਰੂਰਤ ਸਭ ਤੋਂ ਵੱਧ ਹੈ।ਤੇਰਾ ਤੇਰਾ ਹੱਟੀ ਵੱਲੋਂ ਦੱਸਿਆ ਗਿਆ ਕਿ ਇਹ ਸੇਵਾ ਸਿਰਫ ਇਕ ਦਿਨ ਜਾਂ ਇਕ ਹਫ਼ਤੇ ਦੀ ਨਹੀਂ, ਸਗੋਂ ਉਹ ਲੋਕਾਂ ਦੇ ਦੁੱਖਾਂ ਦੇ ਪਿੱਛੇ ਖੜੇ ਰਹਿਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਤੱਕ ਆਪਣੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।ਇਸ ਇਨਸਾਨੀਅਤ ਭਰੇ ਉਪਰਾਲੇ ਵਿੱਚ ਕਈ ਸਖਸ਼ੀਅਤਾਂ ਨੇ ਭਾਗ ਲਿਆ। ਇਸ ਮੌਕੇ ਤੇਰਾ ਤੇਰਾ ਹੱਟੀ ਦੇ ਸਰਪ੍ਰਸਤ ਤਰਵਿੰਦਰ ਸਿੰਘ, ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਤਰਮਨ ਸਿੰਘ, ਸਿਮਰਨ ਭਾਟੀਆ, ਮਣੀ, ਦਮਨ, ਵਿਸ਼ੂ, ਆਰਿਅਨ, ਹਰਸਿਮਰਨ ਮੱਕੜ, ਅਤੇ ਜਸਵਿੰਦਰ ਬਵੇਜਾ ਆਦਿ ਹਾਜ਼ਰ ਸਨ। ਇਹ ਪਹਿਲ ਨਾ ਸਿਰਫ ਇਕ ਮਦਦ ਹੈ, ਸਗੋਂ ਇਕ ਸੰਦੇਸ਼ ਹੈ ਕਿ ਜਦ ਤੱਕ ਇਨਸਾਨੀਅਤ ਜਿਊਂਦੀ ਹੈ, ਉਮੀਦ ਕਦੇ ਨਹੀਂ ਮਰਦੀ।