ਫ਼ਰੀਦਕੋਟ, 22 ਅਗਸਤ (ਵਿਪਨ ਮਿੱਤਲ):-ਬੀਤੇ ਦਿਨ ਕੇਂਦਰ ਸਰਕਾਰ ਵਲੋਂ ਰੇਲ ਡਵੀਜ਼ਨ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਰੇਲਗੱਡੀ ਨਵੰਬਰ ਮਹੀਨੇ ਤੋਂ ਸ਼ੁਰੂ ਕਰਨ ਲਈ ਝੰਡੀ ਦਿੱਤੀ ਹੈ। ਜਿਸ ਲਈ ਚਾਰ ਚੁਫੇਰਿਓਂ ਲੋਕਾਂ ਵਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪੰਜਾਬ ਕਾਰਜਕਾਰਨੀ ਮੈਂਬਰ ਮਨੀਸ਼ ਮਿੱਤਲ ਨੇ ਫ਼ਿਰੋਜ਼ਪੁਰ-ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਮਿਲਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਰੇਲਵੇ ਡਿਵੀਜ਼ਨਾਂ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ ਫ਼ਿਰੋਜ਼ਪੁਰ ਤੋਂ ਰਾਜਧਾਨੀ ਦਿੱਲੀ ਤੱਕ ਵੰਦੇ ਭਾਰਤ ਰੇਲਗੱਡੀ ਰਾਹੀਂ ਘੱਟ ਸਮੇਂ ਵਿਚ ਸਫ਼ਰ ਪੂਰਾ ਹੋਵੇਗਾ।ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਵੰਦੇ ਭਾਰਤ ਰੇਲਗੱਡੀ ਫ਼ਿਰੋਜ਼ਪੁਰ ਤੋਂ ਸਵੇਰੇ 7:55 ਵਜੇ ਰਵਾਨਾ ਹੋਵੇਗੀ ਤੇ ਫ਼ਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦੀ ਹੋਈ ਦੁਪਹਿਰ 2:25 ਵਜੇ ਪੁਰਾਣੀ ਦਿੱਲੀ ਪਹੁੰਚੇਗੀ ਅਤੇ ਵਾਪਸੀ ਦਾ ਸਮਾਂ ਪੁਰਾਣੀ ਦਿੱਲੀ ਤੋਂ ਸ਼ਾਮ 4:20 ਵਜੇ ਹੋਵੇਗਾ ਅਤੇ ਇਹ ਰਾਤ 10:25 ਵਜੇ ਫ਼ਿਰੋਜ਼ਪੁਰ ਪਹੁੰਚੇਗੀ। ਮਿੱਤਲ ਨੇ ਅੱਗੇ ਕਿਹਾ ਕਿ ਇਹ ਸਿਰਫ਼ ਫ਼ਿਰੋਜ਼ਪੁਰ ਲਈ ਸਗੋਂ ਪੂਰੇ ਮਾਲਵਾ ਖੇਤਰ ਲਈ ਇਕ ਇਤਿਹਾਸਕ ਤੋਹਫ਼ਾ ਹੈ । ਮਨੀਸ਼ ਮਿੱਤਲ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਫ਼ਿਰੋਜ਼ਪੁਰ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਹੁਣ ਭਾਜਪਾ ਸਰਕਾਰ ਨੇ ਇੱਥੋਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਕੇ ਸਾਬਤ ਕਰ ਦਿੱਤਾ ਹੈ। ਕਿ ਵਿਕਾਸ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਰੇਲ ਸੇਵਾ ਨਵੰਬਰ ਤੱਕ ਸ਼ੁਰੂ ਹੋ ਜਾਵੇਗੀ।