Skip to content
ਜਲੰਧਰ (ਅਮਰਪ੍ਰੀਤ ਸਿੰਘ) : ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 24 ਅਕਤੂਬਰ 2025 ਨੂੰ 51 ਹਜ਼ਾਰ ਤੋਂ ਵੱਧ ਯੁਵਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਨਾ ਇੱਕ ਇਤਿਹਾਸਕ ਕਦਮ ਹੈ। ਇਸ ਉਪਰਾਲੇ ਨਾਲ ਨੌਜਵਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। 40 ਵੱਖ-ਵੱਖ ਸਥਾਨਾਂ ‘ਤੇ ਹੋ ਰਹੇ ਸਮਾਗਮਾਂ ਵਿੱਚ ਨਿਯੁਕਤੀ ਪੱਤਰ ਵੰਡ ਕੇ ਸਰਕਾਰ ਨੇ ਨੌਜਵਾਨੀ ਨੂੰ ਨਵੇਂ ਮੌਕੇ ਅਤੇ ਆਤਮਵਿਸ਼ਵਾਸ ਦੀ ਨਵੀਂ ਦਿਸ਼ਾ ਦਿੱਤੀ ਹੈ।
ਲੱਖਾ ਸਿੰਘ ਨੇ ਕਿਹਾ ਕਿ ਇਹ ਨੌਕਰੀਆਂ ਸਿਰਫ਼ ਰੋਜ਼ਗਾਰ ਦੇ ਮੌਕੇ ਨਹੀਂ, ਸਗੋਂ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲਾ ਇੱਕ ਵੱਡਾ ਉਪਰਾਲਾ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਬੈਕਵਰਡ ਕਲਾਸਜ਼ (ਆਪੇਖਕ ਪਿੱਛੜੇ ਵਰਗਾਂ) ਨੂੰ ਵੀ ਰੋਜ਼ਗਾਰ ਦੇ ਮੌਕਿਆਂ ਵਿੱਚ ਕਾਨੂੰਨੀ ਹੱਕਾਂ ਅਨੁਸਾਰ ਯੋਗ ਹਿੱਸਾ ਦਿੱਤਾ ਜਾਵੇ। ਲੱਖਾ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੱਕ ਬੈਕਵਰਡ ਵਰਗਾਂ ਨਾਲ ਜੋ ਅਨਿਆਇਕ ਵਿਵਹਾਰ ਹੋਇਆ ਹੈ, ਉਸਦੀ ਭਰਪਾਈ ਹੁਣ ਸਰਕਾਰ ਦੀ ਪ੍ਰਮੁੱਖ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਨੇ ਕਿਹਾ ਕਿ ਬੈਕਵਰਡ ਕਲਾਸ ਦੇ ਲੋਕਾਂ ਨੇ ਹਮੇਸ਼ਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਸੰਕਟਕਾਲੀਨ ਸਮੇਂ ਤੱਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਪਰ ਸਰਕਾਰੀ ਪਾਲਸੀਆਂ ਦੇ ਦੌਰਾਨ ਇਹਨਾਂ ਨੂੰ ਅਕਸਰ ਪਿੱਛੇ ਧਕੇਲ ਦਿੱਤਾ ਜਾਂਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਇਹ ਭੇਦਭਾਵ ਖਤਮ ਕਰਕੇ ਇਸ ਵਰਗ ਨੂੰ ਨਿਆਂ, ਆਦਰ ਤੇ ਅਧਿਕਾਰ ਪ੍ਰਦਾਨ ਕਰਨ।
ਲੱਖਾ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਮੁੱਦਾ ਲੋਕ ਸਭਾ ਵਿੱਚ ਜ਼ਰੂਰ ਉਠਾਉਣ, ਤਾਂ ਜੋ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਰਿਜ਼ਰਵੇਸ਼ਨ ਦੇ ਅਧਿਕਾਰ ਪੂਰੀ ਤਰ੍ਹਾਂ ਲਾਗੂ ਹੋਣ।
ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਜੇਕਰ ਸਰਕਾਰ ਬੈਕਵਰਡ ਕਲਾਸ ਦੇ ਨੌਜਵਾਨਾਂ ਨੂੰ ਵੀ ਨੌਕਰੀਆਂ ਵਿੱਚ ਸਮਾਨ ਹਿੱਸਾ ਦੇਵੇਗੀ, ਤਾਂ ਇਹ ਕਦਮ ਸਿਰਫ਼ ਨੌਜਵਾਨਾਂ ਲਈ ਹੀ ਨਹੀਂ, ਸਗੋਂ ਸਾਰੇ ਦੇਸ਼ ਲਈ ਨਵੇਂ ਵਿਕਾਸ ਦਾ ਆਧਾਰ ਸਾਬਤ ਹੋਵੇਗਾ।
Related